“ਅਖੀਰ ਗ਼ੁਲਾਮਾਂ ਦੀ ਨਿਲਾਮੀ ਦਾ ਉਹ ਮਨਹੂਸ ਦਿਨ ਆ ਗਿਆ। ਉਸ ਦਿਨ ਸਵਰਗੀ ਚਾਰਲਸ ਆਡਿਨਬਰਗ ਦੇ ਗ਼ੁਲਾਮਾਂ, ਘੋੜਿਆਂ ਤੇ ਮੱਝਾਂ ਦੀ ਨਿਲਾਮੀ ਤੋਂ ਬਾਅਦ ਉਨ੍ਹਾਂ ਨੂੰ ਨਵੇਂ ਮਾਲਕਾਂ ਨੂੰ ਸੌਂਪਿਆ ਜਾਣਾ ਸੀ। ਇਜ਼ਾਬੈਲਾ ਤੇ ਉਹਦਾ ਛੋਟਾ ਭਰਾ ਪੀਟਰ ਤਾਂ ਜ਼ਰੂਰ ਹੀ ਕਿਸੇ ਵੱਡੀ ਬੋਲੀ ਲਾਉਣ ਵਾਲੇ ਨੂੰ ਹੀ ਸੌਂਪੇ ਜਾਣੇ ਸਨ। ਪਰ ਸਾਰਿਆਂ ਦੇ ਮਨਾਂ ਵਿਚ ਇਕ ਸੁਆਲ ਸੀ ਕਿ ਪੁਰਾਣੇ ਵਫ਼ਾਦਾਰ ਜੇਮਸ ਬੌਮਫ੍ਰੀ (ਟਰੁੱਥ ਦੇ ਪਿਤਾ) ਨੂੰ ਕੌਣ ਖਰੀਦੇਗਾ? ਉਹ ਬੁੱਢਾ ਤੇ ਗਠੀਏ ਦਾ ਮਾਰਿਆ ਕਮਜ਼ੋਰ ਮਰੀਜ਼ ਸੀ। ਉਹਦੀ ਬੋਲੀ ਲਾਉਣ ਵਾਲੇ ਨੂੰ ਉਲਟਾ ਉਹ ਭਾਰੀ ਤੇ ਮਹਿੰਗਾ ਪੈਣਾ ਸੀ। ਅਖ਼ੀਰ ਇਹ ਫੈਸਲਾ ਹੋਇਆ ਕਿ ਟਰੁੱਥ ਦੀ ਮਾਂ ਬੇਟ ਬੌਮਫ੍ਰੀ ਨੂੰ ਨਿਲਾਮ ਕੀਤਾ ਜਾਵੇ। ਉਹਨੂੰ ਆਜ਼ਾਦ ਕਰ ਦਿੱਤਾ ਜਾਵੇ ਤਾਂ ਕਿ ਉਹ ਉਸ ਬੁੱਢੇ ਵਫਾਦਾਰ ਗ਼ੁਲਾਮ ਦਾ ਵਫ਼ਾਦਾਰੀ ਨਾਲ ਧਿਆਨ ਰੱਖੇ। ਇਕ ਗ਼ੁਲਾਮ ਲਈ ਇਸ ਦਾ ਮਤਲਬ ਇਹ ਸੀ ਕਿ ਉਹਦੇ ਲਈ ਇਕ ਵੀ ਡਾਲਰ ਫਾਲਤੂ ਖ਼ਰਚ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਦੋਹਾਂ ਬੁੱਢੇ ਬੁੱਢੀ ਨੂੰ ਆਪਣੇ ਖ਼ਰਚੇ ਦਾ ਪ੍ਰਬੰਧ ਖ਼ੁਦ ਕਰਨਾ ਪਏਗਾ। ਇਸ ਬੁੱਢੇ ਜੋੜੇ ਲਈ ਇਹ ਖ਼ਬਰ ਫਿਰ ਵੀ ਇਕ ਖ਼ੁਸ਼ਖਬਰੀ ਹੀ ਸੀ। ਉਹ ਅਨਪੜ੍ਹ, ਨਾਸਮਝ ਤੇ ਲਾਚਾਰ ਸਨ ਤੇ ਉਨ੍ਹਾਂ ਦਾ ਮਨ ਕੁਚਲਿਆ ਜਾ ਚੁੱਕਾ ਸੀ। ਹਾਲਾਂਕਿ ਨਿਲਾਮੀ ਤੋਂ ਪਹਿਲਾਂ ਉਨ੍ਹਾਂ ਨੇ ਮਨ ਹੀ ਮਨ ਇਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ।”
- ਕਿਤਾਬ ਵਿਚੋਂ