ਮਿਰਜ਼ਾ ਸਾਹਿਬ, ਇਸ ਮਸਕੀਨ ਨੂੰ ਮੁਆਫ਼ ਕਰਨਾ। ਮੰਟੋ ਆਪਣੇ ਕਿੱਸੇ ਵਿਚੋਂ ਬਾਰ-ਬਾਰ ਗ਼ਾਇਬ ਹੋ ਰਿਹਾ ਹੈ। ਇਹ ਮੇਰੀ ਫ਼ਿਤਰਤ ਹੈ। ਜੇ ਤੁਸੀਂ ਮੇਰੇ ਕਿੱਸਿਆਂ ਨੂੰ ਪੜ੍ਹਦੇ ਤਾਂ ਸਮਝ ਜਾਂਦੇ ਕਿ ਉਹਨਾਂ ਵਿੱਚ ਮੰਟੋ ਹੁਣ ਹੈ ਅਤੇ ਹੁਣ ਨਹੀਂ। ਉਹ ਇੱਕ ਕਾਫ਼ਰ ਰੂਹ ਵਾਂਗ ਭੱਜਾ ਭੱਜਾ ਫਿਰਦਾ ਹੈ। ਸਆਦਤ ਹਸਨ ਮੰਟੋ ਦਾ ਇੱਕ ਅਣ-ਪ੍ਰਕਾਸ਼ਿਤ ਨਾਵਲ ਲਖਨਊ ਵਿੱਚ ਇੱਕ ਲੇਖਕ ਦੇ ਹੱਥ ਲੱਗਦਾ ਹੈ। ਇਸ ਉਰਦੂ ਨਾਵਲ ਦੇ ਬੰਗਲਾ ਵਿੱਚ ਅਨੁਵਾਦ ਦੇ ਲਈ ਲੇਖਕ ਕੋਲਕਾਤਾ ਵਾਪਸ ਆ ਕੇ ਤੱਬਸੁਮ ਨਾਮ ਦੀ ਇਕ ਔਰਤ ਦੀ ਮਦਦ ਲੈਂਦਾ ਹੈ। ਤੱਬਸੁਮ ਲੇਖਕ ਦੇ ਲਈ ਨਾਵਲ ਦਾ ਅਨੁਵਾਦ ਕਰਦੀ ਜਾਂਦੀ ਹੈ ਤੇ ਕਹਾਣੀ ਪਰਤ ਦਰ ਪਰਤ ਖੁੱਲ੍ਹਦੀ ਜਾਂਦੀ ਹੈ। ਦੋਜ਼ਖ਼ਨਾਮਾ ਗ਼ਾਲਿਬ ਅਤੇ ਮੰਟੋ ਦੀ ਬਿਹਤਰੀਨ ਜੀਵਨੀ ਵੀ ਹੈ ਅਤੇ ਆਪਣੀ-ਆਪਣੀ ਕਬਰ ਵਿੱਚ ਲੇਟੇ ਹੋਏ ਮੰਟੋ ਤੇ ਗ਼ਾਲਿਬ ਦੇ ਵਿਚਕਾਰ ਦੀ ਬੇਬਾਕ ਗੱਲਬਾਤ ਵੀ, ਜਿਹਨਾਂ ਨੇ ਜ਼ਿੰਦਗੀ ਨੂੰ ਉਂਜ ਤਾਂ ਇੱਕ ਸਦੀ ਦੇ ਫ਼ਾਸਲੇ ਉਤੇ ਜੀਵਿਆ, ਪਰ ਜਿਹਨਾਂ ਦੇ ਟੁੱਟੇ ਹੋਏ ਸੁਪਨਿਆਂ ਅਤੇ ਸਮੇਂ ਦੇ ਹੱਥੋਂ ਮਿਲੀਆਂ ਹਾਰਾਂ ਦੀ ਸ਼ਕਲ-ਸੂਰਤ ਇਕੋ ਜਿਹੀ ਸੀ। ਇਸ ਨਾਵਲ ਵਿੱਚ ਜਿੱਥੇ ਗ਼ਾਲਿਬ ਤੋਂ ਇਲਾਵਾ ਮੀਰ ਤਕੀ ਮੀਰ ਅਤੇ ਜ਼ੌਕ ਜਿਹੇ ਸ਼ਾਇਰਾਂ ਦੇ ਮਸ਼ਹੂਰ ਸ਼ਿਅਰ ਹਨ, ਉੱਥੇ ਹੀ ਮੰਟੋ ਦੀਆਂ ਸ਼ਾਹਕਾਰ ਕਹਾਣੀਆਂ ਵੀ, ਇਸ ਦੇ ਨਾਲ ਹੀ ਉਸ ਗੁਜ਼ਰੇ ਹੋਏ ਜ਼ਮਾਨੇ ਦੀਆਂ ਅਦਭੁੱਤ ਕਹਾਣੀਆਂ ਵੀ। ਰਬੀਸ਼ੰਕਰ ਬੱਲ ਨੇ ਦੋਜ਼ਖ਼ਨਾਮਾ ਨੂੰ ਸਹੀ ਅਰਥਾਂ ਵਿੱਚ ਆਧੁਨਿਕ ਨਾਵਲ ਦੀ ਸ਼ਕਲ ਦਿੱਤੀ ਹੈ। - ਆਨੰਦ ਬਾਜ਼ਾਰ ਪੱਤ੍ਰਿਕਾ
ਇਸ ਨਾਵਲ ਦੇ ਜ਼ਰੀਏ ਦੋ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਨਾਲ ਇਤਿਹਾਸ ਆਪਣੇ ਪੂਰੇ ਸ਼ਬਾਬ ਅਤੇ ਸੰਤਾਪ ਦੇ ਨਾਲ ਪ੍ਰਗਟ ਹੁੰਦਾ ਹੈ. - ਨਬਨੀਤਾ ਦੇਵ ਸੇਨ