ਮਹਾਰਾਜਾ ਨੌਨਿਹਾਲ ਸਿੰਘ ਦਾ ਜੀਵਨ ਅਜਿਹਾ ਵਚਿੱਤ੍ਰ ਜੀਵਨ ਹੈ, ਜਿਸ ਦੀ ਇੱਕ-ਇੱਕ ਘਟਨਾ ਮੌਜੂਦਾ ਜਨਤਾ ਤੇ ਆੳੁਣ ਵਾਲੀ ਸੰਤਾਨ ਲਈ ਅਮੋਲਕ ਸਿੱਖਯਾ ਨਾਲ ਲਬਾ-ਲਬ ਭਰੀ ਪਈ ਹੈ। ਇਸ ਦੇ ਪੜ੍ਹਨ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸੰਸਾਰ ’ਤੇ ਜੀਵਨ ਬਿਤਾੳੁਣ ਲਈ ਹੋਰਨਾਂ ਅਨੇਕ ਗੁਣਾਂ ਵਿੱਚੋਂ ਪਰਤਾਵਾ (ਤਜ਼ਰਬਾ) ਕਿੰਨੀ ਕੁ ਲੋੜੀਂਦੀ ਚੀਜ਼ ਹੈ। ਬਹਾਦਰੀ ੳੁੱਚੀ ਦਾਤ ਹੈ, ਜਿਸ ਨਾਲ ਸੰਸਾਰ ਦੀਆਂ ਅਨੇਕਾਂ ਸਫ਼ਲਤਾਵਾਂ ਪ੍ਰਾਪਤ ਹੋ ਸਕਦੀਆਂ ਹਨ। ‘ਨਿਰਭੈਤਾ’ ਰੱਬੀ ਗੁਣ ਹੈ, ਜਿਸ ਦੇ ਵਸੀਲੇ ਨਾਲ ਅਸੰਖ ਅੌਕੜਾਂ ’ਤੇ ਕਾਬੂ ਪਾ ਸਕੀਦਾ ਹੈ। ‘ਜੋਸ਼’ ਜ਼ਿੰਦਗੀ ਹੈ ਜਿਸ ਦੇ ਆਧਾਰ ’ਤੇ ਹੀ ਸੰਸਾਰ ਦੇ ਸਾਰੇ ਕੰਮ ਚਲ ਰਹੇ ਹਨ। ‘ਧਨ ਪਦਾਰਥ’ ਦਾਤਾ ਦੀ ਬਖ਼ਸ਼ਿਸ਼ ਹੈ, ਮਾਇਕੀ ਮਨੁੱਖ ਇਸ ਦੀ ਪ੍ਰਾਪਤੀ ਦੇ ਹੁੰਦਿਆਂ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਸਮਝਦੇ ਪਰ ਪਰਤਾਵਾ ੳੁਹ ਪੂੰਜੀ ਹੈ, ਜਿਸ ਦੇ ਨਾ ਹੋਣ ਦੇ ਕਾਰਨ ੳੁੱਪਰ ਲਿਖੇ ਸਾਰੇ ਅਮੋਲਕ ਗੁਣ, ਭਿਆਨਕ ਅਵਗੁਣ ਦੀ ਸ਼ਕਲ ਵਿੱਚ ਪਲਟ ਸਕਦੇ ਹਨ ਅਤੇ ਸੁੱਖਾਂ ਦੀ ਥਾਂ ਅਤਿ ਦੁਖਦਾਈ ਬਣ ਜਾਂਦੇ ਹਨ।
ਇਸ ਭਾਵ ਦੀ ਪੁਸ਼ਟੀ ਲਈ ਆਓ! ਅਸੀਂ ਮਹਾਰਾਜਾ ਨੌਨਿਹਾਲ ਸਿੰਘ ਦਾ ਜੀਵਨ ਪੜ੍ਹੀਏ, ਜਿਸ ਤੋਂ ਭਾਵ ਸਿੱਧ ਹੋ ਜਾਏਗਾ ਕਿ ਇਸ ਇੱਕ ਗੁਣ ਦੀ ਅਣਹੋਂਦ ਦੇ ਕਾਰਨ ਅਨੇਕਾਂ ਗੁਣਾਂ ਦੇ ਹੁੰਦੇ ਹੋਇਆਂ ਵੀ ੳੁਸ ਤੋਂ ਕੀ-ਕੀ ਭਿਆਨਕ ਭੁੱਲਾਂ ਕਰਵਾਈਆਂ ਗਈਆਂ। ਮਹਾਰਾਜਾ ਨੌਨਿਹਾਲ ਸਿੰਘ ਨਿਰਭੈ ਜੋਧਾ ਹੈ, ਅਥੱਕ ਬਹਾਦਰ ਹੈ, ਪੁਰਜੋਸ਼ ਨੌਜਵਾਨ ਹੈ, ਭਰਪੂਰ ਖ਼ਜ਼ਾਨਿਆਂ ਦਾ ਮਾਲਕ ਹੈ, ਲੱਖਾਂ ਫ਼ੌਜਾਂ ਹੁਕਮ ਵਿੱਚ ਆਪਾ ਵਾਰਦੀਆਂ ਹਨ, ਪਰ ਸ਼ੋਕ! ਇੱਕ ਤਜਰਬੇ ਦੀ ਕਮੀ ਦੇ ਕਾਰਨ ਅਜਿਹੇ ਨਿਰਦਈ ਹਤਿਆਰਿਆਂ ਦੇ ਧੋਖਿਆਂ ਦਾ ਸ਼ਿਕਾਰ ਬਣ ਜਾਂਦਾ ਹੈ, ਜਿਨ੍ਹਾਂ ਨੂੰ ਇਹ ਦਿਲੋਂ ਜਾਣਦਾ ਹੈ ਕਿ ਇਹ ਖ਼ਾਲਸਾ ਰਾਜ ਤੇ ਮੇਰੀ ਜਾਨ ਦੇ ਵੈਰੀ ਹਨ, ਨਾ ਤਜਰਬਾਕਾਰ ਮਹਾਰਾਜਾ ਨੂੰ ਖ਼ੁਦਗਰਜ਼ ਡੋਗਰੇ ਵਜ਼ੀਰ ਆਪਣੀਆਂ ਚਾਲਾਂ ਵਿੱਚ ਫਸਾ ਕੇ ਪਹਿਲਾਂ ਵਫ਼ਾਦਾਰ ਸਰਦਾਰ, ਬਦਖੁਵਾ ਕਰਕੇ ਦੱਸੇ ਜਾਂਦੇ ਹਨ, ਇਨ੍ਹਾਂ ਵਿੱਚੋਂ ਇੱਕ ਨੂੰ (ਸ੍ਰ. ਚੇਤ ਸਿੰਘ) ਇਸ ਦੇ ਰੂਬਰੂ ਟੁਕੜੇ-ਟੁਕੜੇ ਕੀਤਾ ਜਾਂਦਾ ਹੈ, ਛੇਕੜ ਇਸ ਨੂੰ ਖ਼ੁਦ ਅਤਿ ਨਿਰਦਯਤਾ ਨਾਲ ਠੀਕ ਓਸੇ ਦਿਨ ਮਾਰ ਦਿੱਤਾ ਜਾਂਦਾ ਹੈ, ਜਿਸ ਦਿਨ ਇਸ ਦੇ ਪਿਤਾ ਦਾ ਅੰਤਿਮ ਸੰਸਕਾਰ ਅਜੇ ਹੋ ਰਿਹਾ ਸੀ। ਇਹ ਇੱਕ ਲੱਖ ਪੰਜਾਹ ਹਜ਼ਾਰ 1,50000 ਮੁਰੱਬਾ ਮੀਲ ਦੇਸ਼ ਦਾ ਮਹਾਰਾਜਾ ਹੈ, ਲੱਖਾਂ ਨੌਕਰਾਂ ਦਾ ਮਾਲਕ ਹੈ; ਪਰ ਇੱਕ ਘੁੱਟ ਪਾਣੀ ਲਈ ਤਰਸ-ਤਰਸ ਕੇ ਬਿਲਲਾਂਦਾ ਹੈ ਤੇ ਇੱਕ ਬੂੰਦ ਪਾਣੀ ਦੇਣ ਤੋਂ ਬਿਨਾਂ ਸਸਕਾ-ਸਸਕਾ ਕੇ ਤਰਸਾਇਆ ਜਾਂਦਾ ਹੈ। ਇਥੇ ਹੀ ਬੱਸ ਨਹੀਂ, ਇਸ ਦੀ ਪਿਆਰੀ ਮਾਂ ਤੇ ਲਾਡਲੀ ਧਰਮ ਪਤਨੀ ਅੰਤ ਸਮੇਂ ਇਸ ਦਾ ਮੂੰਹ ਦੇਖਣ ਲਈ ਆੳੁਂਦੀਆਂ ਹਨ ਪਰ ਅਜਿਹੇ ਦਰਦਨਾਕ ਕੀਰਨੇ ਤੇ ਵਾਸਤੇ ਪਾਂਦੀਆਂ ਹਨ ਕਿ ਪੱਥਰ ਵੀ ਮੋਮ ਹੋ ਕੇ ਪੰਘਰ ਜਾਂਦੇ ਹਨ। ਅੱਤਿਆਚਾਰੀਆਂ ਵੱਲੋਂ ਬੰਦ ਕੀਤੇ ਗਏ ਕਿਲ੍ਹੇ ਦੇ ਦਰਵਾਜ਼ਿਆਂ ਦੇ ਖੁੱਲ੍ਹਾਣ ਲਈ ਇਹ ਨੂੰਹ ਸੱਸ ਆਪਣੇ ਕੋਮਲ ਹੱਥ ਮੇਖਾਂ ਜੁੜੇ ਦਰਵਾਜ਼ਿਆਂ ’ਤੇ ਮਾਰ-ਮਾਰ ਕੇ ਲਹੂ-ਲੁਹਾਨ ਕਰ ਦਿੰਦੀਆਂ ਹਨ, ਪਰ ਨਿਰਦਈ ਇਨ੍ਹਾਂ ਨੂੰ ਮਰਦੇ ਹੋਏ ਮਹਾਰਾਜ ਦਾ ਮੂੰਹ ਤੱਕ ਨਹੀਂ ਦੱਸਦੇ ਆਦਿ। ਇਸ ਤਰ੍ਹਾਂ ਇਤਿਹਾਸਕ ਵਾਕਿਆਤ, ਡੂੰਘੀ ਖੋਜ ਨਾਲ ਇਸ ਪੁਸਤਕ ਵਿੱਚ ਇਕੱਠੇ ਕੀਤੇ ਗਏ ਹਨ, ਜਿਸ ਦੇ ਪੜ੍ਹਨ ਤੋਂ ਪਤਾ ਲੱਗ ਜਾਂਦਾ ਹੈ ਕਿ ਖ਼ੁਦਗ਼ਰਜ਼ ਆਪਣੀਆਂ ਗ਼ਰਜ਼ਾਂ ਪੂਰੀਆਂ ਕਰਨ ਲਈ ਕਿਹੋ ਜਿਹੇ ਅੱਤਿਆਚਾਰ ਕਰਦੇ ਹਨ ਅਤੇ ਡੂੰਘੀਆਂ ਚਾਲਾਂ ਚੱਲਦੇ ਹਨ, ਜਿਨ੍ਹਾਂ ਤੋਂ ਬਚਣਾ ਬਿਨਾਂ ਭਾਰੀ ਤਜਰਬੇ ਦੇ ਕਿੰਨਾ ਕਠਨ ਕੰਮ ਹੈ ਤੇ ਸੰਸਾਰ ’ਤੇ ਜੀਵਨ ਗੁਜ਼ਾਰਨ ਲਈ ਮਨੁੱਖ ਨੂੰ ਕਿੰਨੀ ਸਾਵਧਾਨਤਾ ਦੀ ਲੋੜ ਹੈ।