ਜਗਦੀਪ ਸਿੰਘ ਦੀਆਂ ਮੁਢਲੀਆਂ ਲਿਖਤਾਂ ਮੈਂ ਛਪਣ ਤੋਂ ਪਹਿਲਾਂ ਪੜ੍ਹੀਆਂ ਤਾਂ ਖੁਸ਼ੀ ਹੋਈ ਕਿ ਇਸ ਜੁਆਨ ਦੀ ਬੋਲੀ ਸ਼ੈਲੀ ਸਿਖ ਪਰੰਪਰਾ ਦੇ ਮੇਚ ਦੀ ਹੈ। ਮੈਂ ਸੋਚਣ ਲੱਗਾ-ਨਵੀਂ ਪੀੜੀ, ਕੀ ਪੁਰਾਤਨ ਰਵਾਇਤਾਂ ਨੂੰ ਪਸੰਦ ਕਰੇਗੀ?
ਫੇਰ ਮਨ ਨੇ ਜਵਾਬ ਦਿੱਤਾ, ਨਾ ਧਰਤੀ ਕਦੇ ਪੁਰਾਣੀ ਹੋਈ ਹੈ, ਨਾ ਲੋਕਮਨ ਨੇ ਆਪਣਾ ਗੌਰਵ ਤਿਆਗਿਆ। ਸਾਰੰਗੀ ਦੀ ਧੁਨ ਕੋਈ ਛੇੜੇ ਤਾਂ ਸਹੀ, ਸ਼ਹੀਦੀ ਗਾਨੇ ਖੁਦ-ਬ-ਖੁਦ ਅਸਮਾਨੋ ਹੇਠ ਆ ਉਤਰਦੇ ਹਨ।
ਅਮਰੀਕਨ ਸ਼ਾਇਰ ਐਜ਼ਰਾ ਪਾਊਂਡ ਨੇ ਲਿਖਿਆ - ਦੇਵਤੇ ਪਰਤੇ ਨਹੀਂ, ਉਹ ਤਾਂ ਇਥੋਂ ਗਏ ਹੀ ਨਹੀਂ ਕਿਤੇ। ਉਨ੍ਹਾਂ ਸਦਕਾ ਹੀ ਤਾਂ ਪੌਣਾ ਰੁਮਕਦੀਆਂ ਹਨ ਤੇ ਆਕਾਸ਼ ਵਿਚ ਬੱਦਲਾਂ ਦੇ ਝੁੰਡ ਸਰਕਦੇ ਹਨ।
ਜਗਦੀਪ ਸਾਨੂੰ ਸਾਡੀ ਸ਼ਾਨਾਮੱਤੀ ਵਰਾਸਤ ਦੀ ਉਂਗਲ ਫੜਾ ਰਿਹਾ ਹੈ, ਤਸੱਲੀ ਹੈ ਕਿ ਜਵਾਨ ਪੀੜੀ ਉਸ ਨੂੰ ਚਾਅ ਨਾਲ ਪੜ੍ਹਦੀ ਹੈ। ਉਸਦੀ ਕਲਮ ਨਿਰੰਤਰ ਬਲਵਾਨ ਹੁੰਦੀ ਰਹੇਗੀ, ਮੇਰੀ ਮੰਗਲਕਾਮਨਾ ਹੈ।
ਹਰਪਾਲ ਸਿੰਘ ਪੰਨੂ
ਜਨਵਰੀ 2025, ਪਟਿਆਲਾ