ਨਵੇਂ ਭਾਰਤ ਦੇ ਨਵੇਂ ਨੇਤਾ ਦਾ ਪਹਿਲਾ ਖੰਡ ਪਾਠਕਾਂ ਦੇ ਹੱਥਾਂ ਵਿੱਚ ਦੇਣ ਵੇਲ਼ੇ ਅੱਜ ਮੈਨੂੰ ਕੁਝ ਸੰਕੋਚ ਇਸ ਲਈ ਵੀ ਹੋ ਰਿਹਾ ਹੈ ਕਿ ਇਸ ਨੂੰ ਜਿਹੋ-ਜਿਹਾ ਹੋਣਾ ਚਾਹੀਦਾ ਸੀ, ਉਹੋ ਜਿਹਾ ਮੈਂ ਨਹੀਂ ਬਣਾ ਸਕਿਆ। ਇਸ ਕੰਮ ਦੇ ਲਈ ਜ਼ਰੂਰੀ ਸੀ ਕਿ ਮੈਂ ਇਕ ਵਾਰ ਸਾਰੇ ਭਾਰਤ ਦੀ ਪਰਿਕਰਮਾ ਕਰਦਾ, ਪਰ ਮੈਂ ਬੰਬਈ, ਆਗਰਾ, ਪ੍ਰਯਾਗ, ਪਟਨਾ, ਅਲਮੋੜਾ, ਲਾਹੌਰ, ਕਸ਼ਮੀਰ ਤੋਂ ਅੱਗੇ ਨਹੀਂ ਜਾ ਸਕਿਆ। ਜਿਸ ਵਿੱਚ ਆਲਸ ਓਨਾ ਅਹਿਮ ਕਾਰਨ ਨਹੀਂ ਹੈ ਜਿੰਨਾ ਕਿ ਸਮੇਂ ਦੀ ਘਾਟ। ਮੈਂ ਵਿਗਿਆਨ-ਸਾਹਿਤ ਦੇ ਖੇਤਰ ਵਿੱਚੋਂ ਹੋਰ ਕਿੰਨੇ ਹੀ ‘ਨਵੇਂ ਨੇਤਾਵਾਂ’ ਨੂੰ ਲੈਣਾ ਚਾਹੁੰਦਾ ਸਾਂ, ਪਰ ਉਨ੍ਹਾਂ ਨੂੰ ਇਸ ਖੰਡ ਵਿੱਚ ਨਹੀਂ ਲੈ ਸਕਿਆ, ਖ਼ਾਸ ਤੌਰ ’ਤੇ ਹਜ਼ਰਤ ਜੋਸ਼ ਮਲੀਹਾਬਾਦੀ ਅਤੇ ਇਕ ਹੋਰ ਉਰਦੂ ਸ਼ਾਇਰ ਨੂੰ ਇਸ ਖੰਡ ਵਿੱਚ ਜ਼ਰੂਰ ਲਿਆਉਣ ਦੇ ਲਈ ਬੇਚੈਨ ਸਾਂ, ਪਰ ਦੁਬਾਰਾ ਬੰਬਈ ਜਾ ਕੇ ਵੀ ਮੁਲਾਕਾਤ ਤੋਂ ਵਾਂਝਾ ਰਿਹਾ। ਸੁਣੀਆਂ ਸੁਣਾਈਆਂ ਗੱਲਾਂ ਦੇ ਭਰੋਸੇ ਇਨ੍ਹਾਂ ਬਤਾਲੀ ਜੀਵਨੀਆਂ ਵਿੱਚੋਂ ਇਕ ਵੀ ਨਹੀਂ ਲਿਖੀ ਗਈ, ਇਸ ਲਈ ਹਜ਼ਰਤ ਜੋਸ਼ ਦੇ ਬਾਰੇ ਵਿੱਚ ਮੈਂ ਅਜਿਹਾ ਨਹੀਂ ਕਰ ਸਕਦਾ ਸਾਂ।
ਨਵੇਂ ਭਾਰਤ ਦੇ ਨਵੇਂ ਨੇਤਾ ਇਕ ਤਰ੍ਹਾਂ ਨਾਲ਼ ਮੇਰੀ ‘ਵੋਲਗਾ ਤੋਂ ਗੰਗਾ’ ਦਾ ਹੀ ਸਾਥੀ ਗ੍ਰੰਥ ਹੈ, ਜਿੱਥੇ ਵੋਲਗਾ ਤੋਂ ਗੰਗਾ ਦਾ ਵਿਸਥਾਰ ਅੱਠ ਹਜ਼ਾਰ ਸਾਲ ਦੇ ਵਿਸ਼ਾਲ ਕਾਲ-ਖੰਡ ਵਿੱਚ ਫੈਲਿਆ ਹੈ, ਉੱਥੇ ਇਸ ਗ੍ਰੰਥ ਦਾ ਖੇਤਰ ਵਰਤਮਾਨ ਕਾਲ ਦੀ ਵਿਸ਼ਾਲ ਭਾਰਤ ਦੀ ਧਰਤੀ ਹੈ। ਮੈਂ ਇੱਥੇ ਜੀਵਨੀਆਂ ਨੂੰ ਪਰਿਸਥਿਤੀਆਂ ਤੋਂ ਵੱਖ ਕਰਕੇ ਨਹੀਂ, ਸਗੋਂ ਉਨ੍ਹਾਂ ਦੇ ਅੰਦਰ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਹੋਏ ਵਾਂਗ ਦਿੱਤਾ ਹੈ। ਮੈਂ ਮੰਨਦਾ ਹਾਂ, ਮੇਰੀ ਕਲਮ ਇੱਕੋ ਜਿਹੀ ਰੁਚੀ ਅਨੁਸਾਰ ਨਹੀਂ ਚੱਲੀ ਹੈ। ਇਸ ਦੇ ਕਾਰਨ ਕਈ ਹਨ- ਇਸ ਖੇਤਰ ਵਿੱਚ ਖੁਦ ਕਲਮ ਦਾ ਸਿਖਾਂਦਰੂਪਣ ਤਾਂ ਹੈ ਹੀ, ਪਰ ਸਮੇਂ ਦੇ ਨਾਲ਼-ਨਾਲ਼ ਸਾਡੇ ਨਾਇਕਾਂ ਨੇ ਵੀ ਜਲਦੀ ਪਿੱਛਾ ਛੁਡਾ ਲੈਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਜੀਵਨੀਆਂ ਨੂੰ ਲਿਖਣ ਨਾਲ਼ ਮੈਂ ਖੁਦ ਵੀ ਬਹੁਤ ਸਾਰੀਆਂ ਗੱਲਾਂ ਸਿੱਖ ਸਕਿਆ ਹਾਂ ਅਤੇ ਮੈਨੂੰ ਉਮੀਦ ਹੈ ਭਾਰਤ ਦੇ ਚਾਰਾਂ ਕੋਨਿਆਂ ਦੀਆਂ ਸਮੱਸਿਆਵਾਂ, ਸੰਘਰਸ਼ਾਂ ਨੂੰ ਸਾਕਾਰ ਰੂਪ ਵਿੱਚ ਇੱਥੇ ਇਕੱਠੇ ਵੇਖ ਕੇ ਪਾਠਕਾਂ ਨੂੰ ਵੀ ਕਿੰਨੀਆਂ ਹੀ ਗੱਲਾਂ ਜ਼ਰੂਰ ਸਪਸ਼ਟ ਹੋਣਗੀਆਂ।
ਦੂਜਾ ਖੰਡ ਇਸ ਤੋਂ ਕੁਝ ਵੱਡਾ ਹੋਵੇਗਾ, ਉਸ ਵਿੱਚ ਵੀ ਪੰਜਾਹ ਦੇ ਕਰੀਬ ਜੀਵਨੀਆਂ ਵਿੱਚ 12 ਔਰਤਾਂ ਅਤੇ 12 ਵਿਗਿਆਨ-ਸਾਹਿਤ-ਕਲਾ ਦੇ ਨੇਤਾ ਵੀ ਜ਼ਰੂਰ ਰਹਿਣਗੇ।
- ਰਾਹੁਲ ਸਾਂਕਰਤਿਆਯਨ
ਪ੍ਰਯਾਗ, 7 ਦਸੰਬਰ, 1943