ਸਾਡੀ ਸਿੱਖਿਆ ਪ੍ਰਣਾਲੀ ਬੇਕਾਰ ਹੈ! ਸਾਨੂੰ ਸਵਾਲਾਂ, ਉਤਸੁਕਤਾ ਅਤੇ ਹੌਸਲੇ ਉੱਤੇ ਜ਼ੋਰ ਦੇਣਾ ਚਾਹੀਦਾ ਹੈ। ਮੇਰੇ ਅਨੁਸਾਰ, ਇੱਕ ਆਦਰਸ਼ ਸਕੂਲ ਵਿੱਚ, ਜਦੋਂ ਵੀ ਕੋਈ ਸਵਾਲ ਪੁੱਛੇਗਾ ਤਾਂ ਉਸ ਨੂੰ ਉਤਸੁਕ ਕਿਹਾ ਜਾਵੇ ਨਾ ਕਿ ਮੂਰਖ। ਕੋਈ ਸਵਾਲ ਮੂਰਖਤਾ ਨਹੀਂ ਹੈ, ਇਹ ਸਿਰਫ਼ ਇੱਕ ਦ੍ਰਿਸ਼ਟੀਕੋਣ ਹੈ। ਕੋਈ ਚੀਜ਼ ਜੋ ਮੇਰੇ ਲਈ ਮੂਰਖਤਾ ਹੈ ਤੁਹਾਡੇ ਲਈ ਵੀ ਮੂਰਖਤਾ ਨਹੀਂ ਹੋ ਸਕਦੀ। ਸਕੂਲ ਵਿੱਚ ਕੁਝ ਲੋਕਾਂ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਕਿਉਂ ਹੋਣਾ ਚਾਹੀਦਾ ਹੈ ਕਿ ਮੇਰੇ ਸਵਾਲ ਮੂਰਖਤਾ ਹਨ ਜਾਂ ਨਹੀਂ? ਉਹ ਮੈਨੂੰ ਅਤੇ ਮੇਰੀ ਉਤਸੁਕਤਾ ਨੂੰ ਕਿਵੇਂ ਰੱਦ ਕਰ ਸਕਦੇ ਹਨ?
ਸਾਡੀ ਅਜੋਕੀ ਸਿੱਖਿਆ ਪ੍ਰਣਾਲੀ ਵਿੱਚ ਜੇਕਰ ਕੋਈ ਬੱਚਾ ਅੰਗਰੇਜ਼ੀ ਵਿੱਚ ਸੌ ਵਿੱਚੋਂ ਨੱਬੇ ਅਤੇ ਗਣਿਤ ਵਿੱਚ ਚਾਲੀ ਅੰਕ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਕੋਈ ਇਹ ਨਹੀਂ ਕਹਿੰਦਾ ਕਿ ਉਹ ਅੰਗਰੇਜ਼ੀ ਵਿੱਚ ਬਹੁਤ ਵਧੀਆ ਹੈ ਅਤੇ ਉਸ ਕੋਲ ਲਿਖਤੀ ਜਾਂ ਕੋਈ ਵੀ ਕਰੀਅਰ ਬਣਾਉਣ ਦਾ ਚੰਗਾ ਮੌਕਾ ਹੈ। ਇਸ ਦੇ ਉਲਟ, ਉਸ ਨੂੰ ਗਣਿਤ ’ਤੇ ਜ਼ੋਰ ਦੇਣ ਅਤੇ ਗਣਿਤ ਦੀਆਂ ਵਾਧੂ ਕਲਾਸਾਂ ਲੈਣ ਲਈ ਕਿਹਾ ਜਾਂਦਾ ਹੈ। ਅਸੀਂ ਅਕਸਰ ਇੱਕ ਵਿਸ਼ੇ ਨੂੰ ਦੂਜੇ ਨਾਲੋਂ ਵੱਧ ਮਹੱਤਵਪੂਰਨ ਸਮਝ ਕੇ ਵਿਸ਼ਿਆਂ ਵਿੱਚ ਵਿਤਕਰਾ ਕਰਦੇ ਹਾਂ ਅਤੇ ਉਸੇ ਅਧਾਰ ’ਤੇ ਅਸੀਂ ਇਹ ਵੀ ਫ਼ੈਸਲਾ ਕਰਦੇ ਹਾਂ ਕਿ ਵਿਦਿਆਰਥੀ ਹੁਸ਼ਿਆਰ ਹੈ ਜਾਂ ਨਹੀਂ। ਇੱਕ ਬੱਚਾ ਗਣਿਤ ਵਿੱਚ ਬਹੁਤ ਚੰਗੇ ਅੰਕ ਪ੍ਰਾਪਤ ਕਰਦਾ ਹੈ। ਉਹ ਬਹੁਤ ਬੁੱਧੀਮਾਨ ਮੰਨਿਆ ਜਾਂਦਾ ਹੈ। ਜੇਕਰ ਕੋਈ ਹੋਰ ਬੱਚਾ ਅੰਗਰੇਜ਼ੀ ਵਿੱਚ ਚੰਗੇ ਅੰਕ ਪ੍ਰਾਪਤ ਕਰਦਾ ਹੈ, ਪਰ ਗਣਿਤ ਵਿੱਚ ਚੰਗੇ ਅੰਕ ਪ੍ਰਾਪਤ ਨਹੀਂ ਕਰਦਾ, ਤਾਂ ਉਸ ਨੂੰ ਬੇਕਾਰ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਸਾਡੀ ਸਕੂਲੀ ਪ੍ਰਣਾਲੀ ਸਾਡੀਆਂ ਖੂਬੀਆਂ ’ਤੇ ਜ਼ੋਰ ਨਹੀਂ ਦਿੰਦੀ, ਸਗੋਂ ਸਾਡੀਆਂ ਕਮਜ਼ੋਰੀਆਂ ਲਈ ਸਾਡਾ ਮਜ਼ਾਕ ਉਡਾਉਂਦੀ ਹੈ।