ਜੇ ਕਰ ਸਿੱਖ ਰਾਜ ਦੀ ਗੱਲ ਕਰੀਏ ਤਾਂ ਸਿੱਖ ਮਿਸਲਾਂ ਤੋਂ ਬਾਅਦ ਬੜੀ ਜੱਦੋ ਜਹਿਦ ਤੇ ਰਾਜਨੀਤੀ ਨਾਲ਼ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਖ਼ਾਲਸਾ ਰਾਜ ਕਾਇਮ ਕੀਤਾ ਜਿਸ ਦੀਆਂ ਹੱਦਾਂ ਕਾਬਲ ਕੰਧਾਰ, ਕਸ਼ਮੀਰ, ਤਿੱਬਤ ਨਾਲ਼ ਲੱਗਦੀਆਂ ਤੇ ਦੂਜੇ ਪਾਸੇ ਸਤਲੁਜ ਦਰਿਆ ਪੂਰਬ ਵੱਲ ਉਸ ਦੀ ਹੱਦ ਸੀ, ਜਿੱਥੇ ਅੰਗਰੇਜ਼ਾਂ ਦਾ ਵਿਸ਼ਾਲ ਸਾਮਰਾਜ ਉਸ ਦੇ ਨਾਲ਼ ਆ ਟੱਕਰਦਾ ਸੀ। ਅੰਗਰੇਜ਼ਾਂ ਦੀ ਕੁਟਲ ਨੀਤੀ ਖ਼ਾਲਸਾ ਰਾਜ ਨੂੰ ਕਮਜ਼ੋਰ ਕਰਕੇ ਆਪਣੇ ਸਾਮਰਾਜ ਨੂੰ ਵਧਾਉਣ ਦੀ ਸੀ। ਪੂਰਬੀ ਤੇ ਦੱਖਣੀ ਭਾਰਤ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਦੇਸੀ ਰਾਜਿਆਂ ਨੂੰ ਦਬਾ ਕੇ ਆਪਣੇ ਰਾਜ ਵਿੱਚ ਮਿਲਾਇਆ ਉਹੀ ਰਣਨੀਤੀ ਪੰਜਾਬ ਅਪਣਾਉਣਾ ਚਾਹੁੰਦੇ ਸੀ ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਬਦਬੇ ਤੋਂ ਡਰਦੇ ਹੋਏ ਟਿਕੇ ਰਹੇ। ਮਹਾਰਾਜਾ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਫੌਜਾਂ ਦੀ ਆਪੋਧਾਪੀ, ਉਹਨਾਂ ਦੇ ਵਾਰਸਾਂ ਦੀਆਂ ਸਾਜ਼ਸ਼ਾਂ ਨੇ ਅੰਗਰੇਜ਼ਾਂ ਨੂੰ ਮੌਕਾ ਦਿੱਤਾ। ਇਹ ਮੌਕਾ ਅੰਗਰੇਜ਼ਾਂ ਦੇ ਸਿੱਖਾਂ ਤੇ ਪਹਿਲੇ ਤੇ ਦੂਸਰੇ ਯੁੱਧ ਅਤੇ ਪੰਜਾਬ ਦੇ ਅੰਗਰੇਜ਼ਾਂ ਹੱਥੋਂ ਗੁਲਾਮੀ ਦਾ ਕਾਰਨ ਬਣਿਆ। ਇਹ ਯੁੱਧ ਕਿਸ ਤਰ੍ਹਾਂ ਹੋਇਆ, ਕੀ ਕੁਟਲ ਨੀਤੀ ਸੀ, ਕਿਹੜੇ ਕਿਹੜੇ ਸਿੱਖ ਕੌਮ ਦੇ ਨੇਤਾਵਾਂ ਦੀ ਗ਼ਦਾਰੀ ਤੇ ਕਿਹੜੇ ਕਿਹੜੇ ਸਿੱਖ ਕੌਮ ਦੇ ਵਫ਼ਾਦਾਰ ਸਰਦਾਰਾਂ ਦੀ ਬਹਾਦਰੀ ਇਹ ਸਾਰੀ ਇਸ ਅੰਗਰੇਜ਼ਾਂ ਤੇ ਸਿੱਖਾਂ ਦੇ ਪਹਿਲੇ ਤੇ ਦੂਸਰੇ ਯੁੱਧ ਦੇ ਬ੍ਰਿਤਾਂਤ ਵਿੱਚ ਸਾਹਮਣੇ ਆਉਂਦੀ ਹੈ। ਸਾਡਾ ਸਦਾ ਹੀ ਇਹ ਦੁਖਾਂਤ ਰਿਹਾ ਹੈ ਕਿ ਅਸੀਂ ਆਪਣਾ ਇਤਿਹਾਸ ਨਹੀਂ ਸੰਭਾਲਿਆ। ਹਮੇਸ਼ਾ ਯੁੱਧਾਂ ਵਿੱਚ ਉਲਝੇ ਰਹੇ ਅੰਗਰੇਜ਼ਾਂ ਵੱਲੋਂ ਇਹਨਾਂ ਯੁੱਧਾਂ ਦੀ ਪੂਰੀ ਤਫ਼ਸੀਲ ਦਰਜ ਹੈ। ਇਸ ਯੁੱਧ ਵਿੱਚ ਸਿੱਖ ਫੌਜਾਂ ਦੇ ਸ਼ਹੀਦਾਂ ਦਾ ਕੋਈ ਵੇਰਵਾ ਪ੍ਰਮਾਣਿਕ ਤੌਰ ਤੇ ਨਹੀਂ ਮਿਲ਼ਦਾ। ਜੋ ਵੀ ਦਸਤਾਵੇਜ ਮਿਲ਼ਦੇ ਹਨ ਅੰਗਰੇਜ਼ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਮਿਲਦੇ ਹਨ। ਫਿਰ ਵੀ ਕੋਸ਼ਸ਼ ਕੀਤੀ ਹੈ ਕਿ ਪਾਠਕਾਂ ਨੂੰ ਇਹਨਾਂ ਦੋਹਾਂ ਜੰਗਾਂ ਬਾਰੇ ਕੁਝ ਜਾਣਕਾਰੀ ਦੇ ਸਕਾਂ ਜੋ ਪਾਠਕਾਂ ਲਈ ਲਾਹੇਵੰਦ ਹੋਵੇ।