ਮੇਰੇ ਲਈ ਲਿਓਨਾਰਦੋ ਦਾ ਵਿੰਚੀ ਵਰਗੀ ਬਹੁ ਪੱਖੀ ਸ਼ਖ਼ਸੀਅਤ ਬਾਰੇ ਲਿਖਣਾ, ਉਹ ਵੀ ਇੱਕ ਕਿਤਾਬ ਦੇ ਰੂਪ ਵਿੱਚ, ਬਹੁਤ ਜ਼ੋਖ਼ਮ ਭਰਿਆ ਕਾਰਜ ਸੀ। ਉਹ ਇੱਕੋ ਸਮੇਂ ਚਿੱਤਰਕਾਰ, ਬੁੱਤਸਾਜ਼, ਨਕਸ਼ਾ ਨਵੀਸ, ਆਰਕੀਟੈਕਟ, ਸਰੀਰ ਵਿਗਿਆਨੀ, ਗਣਿਤ ਸ਼ਾਸਤਰੀ, ਇੰਜੀਨੀਅਰ, ਲੇਖਕ ਅਤੇ ਫ਼ਿਲਾਸਫ਼ਰ ਸੀ। ਉਹ ਜੀਨੀਅਸ ਸੀ।
ਲਿਓਨਾਰਦੋ ਦਾ ਵਿੰਚੀ ਦੇ ਜੀਵਨ ਬਾਰੇ ਢੇਰ ਸਾਰੀਆਂ ਕਿਤਾਬਾਂ ਪੱਛਮੀ ਲੇਖਕਾਂ ਨੇ ਲਿਖੀਆਂ ਹਨ। ਇੱਥੋਂ ਤੱਕ ਕਿ ਉਸਦੀ ਇੱਕ ਇੱਕ ਪੇਂਟਿੰਗ ਬਾਰੇ ਵੀ ਕਿਤਾਬਾਂ ਲਿਖੀਆਂ ਗਈਆਂ ਹਨ ਪਰੰਤੂ ਪੰਜਾਬੀ ਵਿੱਚ ਉਸ ਬਾਰੇ ਨਾ ਮਾਤਰ ਸਾਹਿਤ ਮਿਲਦਾ ਹੈ। ਇਸ ਲਈ ਇਸ ਕਿਤਾਬ ਨੂੰ ਲਿਖਣ ਵਿੱਚ ਜ਼ਿਆਦਾਤਰ ਅੰਗਰੇਜ਼ੀ ਦੇ ਸ੍ਰੋਤ ਸਹਾਈ ਹੋਏ। ਖ਼ਾਸ ਕਰਕੇ ਅਮਰੀਕਾ ਦੇ ਵੱਡੇ ਲੇਖਕ, ਸੰਪਾਦਕ ਅਤੇ ਜੀਵਨੀਕਾਰ, ਵਾਲਟਰ ਇਸਾਕਸਨ (Walter Isaacson) ਵੱਲੋਂ ਲਿਓਨਾਰਦੋ ਬਾਰੇ ਲਿਖੀ ਗਈ ਵੱਡ ਅਕਾਰੀ ਕਿਤਾਬ Leonardo da Vinci, A biography ਬਹੁਤ ਲਾਭਕਾਰੀ ਸਾਬਤ ਹੋਈ ਹਾਲਾਂਕਿ ਵੱਖ ਵੱਖ ਸੋਮਿਆਂ ਤੋਂ ਪ੍ਰਾਪਤ ਹੋਈ ਹੋਰ ਸਮੱਗਰੀ ਵੀ ਸਹਾਈ ਹੋਈ।
ਲਿਓਨਾਰਦੋ ਦਾ ਵਿੰਚੀ ਦੀ ਜੀਵਨੀ ਲਿਖਣਾ ਮੇਰੀ ਸਾਹਿਤਕ ਸਮਰੱਥਾ ਤੋਂ ਕਿਤੇ ਦੂਰ ਦੀ ਗੱਲ ਸੀ ਪਰੰਤੂ “ਮੈਂ ਇਹ ਕੰਮ ਕਰ ਸਕਦਾ ਹਾਂ” ਦਾ ਸਾਹਸ ਵੀ ਮੈਨੂੰ ਲਿਓਨਾਰਦੋ ਦਾ ਵਿੰਚੀ ਦੀ ਚਮਤਕਾਰੀ ਜੀਵਨੀ ਤੋਂ ਹੀ ਮਿਲਿਆ। ਇਸ ਪ੍ਰਤਿਭਾਸ਼ਾਲੀ ਮਨੁੱਖ ਦੀ ਜੀਵਨੀ ਬੰਦੇ ਦੀ ਜ਼ਿੰਦਗੀ ਵਿੱਚ ਨਵੀਂ ਊਰਜਾ ਭਰ ਦੇਣ ਵਾਲ਼ਾ ਇੱਕ ਸ਼ਾਨਦਾਰ ਸੋਮਾ ਹੈ।