ਮਾਲਵੇ ਦੀਆਂ ਬਹੁਤ ਸਾਰੀਆਂ ਮੂਲ ਪ੍ਰਵਿਰਤੀਆਂ ਰਾਮ ਸਰੂਪ ਅਣਖੀ ਨੇ ਆਪਣੀਆਂ ਰਚਨਾਵਾਂ ’ਚ ਪੇਸ਼ ਕੀਤੀਆਂ। ਹਜ਼ਾਰਾਂ ਸ਼ਬਦ ਜਿਹੜੇ ਡਿਕਸ਼ਨਰੀਆਂ ’ਚ ਨਹੀਂ, ਉਨ੍ਹਾਂ ਦੀਆਂ ਕਿਰਤਾਂ ’ਚੋਂ ਮਿਲਦੇ ਨੇ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਉਨ੍ਹਾਂ ਨੇ ਪੰਜਾਬੀ ਭਾਸ਼ਾ ’ਚ ਨਹੀਂ ਲਿਖਿਆ। ਮਲਵਈ ਬੋਲੀ ’ਚ ਲਿਖਿਆ। ਇਹੋ ਕਾਰਨ ਹੈ ਕਿ ਹਰ ਪੰਜ-ਚਾਰ ਪੜ੍ਹਿਆ ਪਾਠਕ ਵੀ ਉਨ੍ਹਾਂ ਦੀਆਂ ਪੁਸਤਕਾਂ ਪੜ੍ਹ ਲੈਂਦਾ ਹੈ। ਉਨ੍ਹਾਂ ਦੀਆਂ ਕਿਰਤਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਪਾਠਕ ਆਪਣੀ ਸਮਝ ਦੀ ਸਮਰੱਥਾ ਅਨੁਸਾਰ ਉਨ੍ਹਾਂ ਦੇ ਸ਼ਬਦ ਸਮੁੰਦਰ ’ਚ ਡੁੱਬ ਕੇ ਰਚਨਾ ਲਿਖਣ ਦੇ ਮਨੋਰਥ ਤੋਂ ਜਾਣੂੰ ਹੋ ਜਾਂਦਾ ਹੈ।
ਹੱਥਲੀ ਪੁਸਤਕ ‘ਮਾਲਵੇ ਦਾ ਸਾਗਵਾਨ’ ’ਚ ਜਿਹੜੇ ਲੇਖਕ ਮਾਨਸਿਕ ਤੌਰ ’ਤੇ ਉਨ੍ਹਾਂ ਦੇ ਨੇੜੇ ਰਹੇ ਹਨ, ਜਿਨ੍ਹਾਂ ਨਾਲ਼ ਉਹ ਦਿਲ ਦੀਆਂ ਗੱਲਾਂ ਕਰ ਲੈਂਦੇ ਸੀ, ਪੁਸਤਕ ’ਚ ਉਨ੍ਹਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ।