ਸ਼ਬਦ ਕਿਸੇ ਭਾਸ਼ਾ ਦਾ ਮੁਹਾਂਦਰਾ ਹੁੰਦੇ ਹਨ ਮਨੁੱਖ ਨੇ ਜਦੋਂ ਆਦਿ ਕਾਲ ਵਿੱਚ ਕਬੀਲਿਆਂ ਦੇ ਰੂਪ ਵਿੱਚ ਪ੍ਰਵਾਸ ਕੀਤਾ ਤਾਂ ਉਹ ਵੱਖ-ਵੱਖ ਇਲਾਕਿਆਂ ਵਿੱਚ ਆਪਣੀ ਪਿਤਰੀ ਭਾਸ਼ਾ ਵੀ ਨਾਲ਼ ਲੈ ਗਏ ਸਮੇਂ ਦੇ ਨਾਲ਼-ਨਾਲ਼ ਉਹਨਾਂ ਦੀ ਬੋਲੀ ਦਾ ਉਚਾਰਨ ਲਹਿਜ਼ਾ ਅਤੇ ਰੂਪ ਬਦਲ ਲੱਗਾ ਇਸ ਤਰ੍ਹਾਂ ਭਾਸ਼ਾ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਲਾਕਾਈ ਭਿੰਨਤਾ ਦੇ ਪ੍ਰਭਾਵ ਹੇਠ ਉਪ-ਬੋਲੀਆਂ ਹੋਂਦ ਵਿੱਚ ਆਈਆਂ। ਬਹੁਤ ਸਾਰੇ ਸ਼ਬਦਾਂ ਦਾ ਉਚਾਰਨ ਥੋੜ੍ਹੇ ਬਹੁਤੇ ਫ਼ਰਕ ਨਾਲ਼ ਬਦਲਦਾ ਗਿਆ ਅਤੇ ਨਵੇਂ ਸ਼ਬਦਾਂ ਦੀ ਘਾੜਤ ਹੋਣ ਲੱਗੀ। ਮਨੁੱਖ ਆਪਣੀਆਂ ਲੋੜਾਂ ਅਨੁਸਾਰ ਚੀਜ਼ਾਂ ਵਸਤਾਂ ਅਤੇ ਭਾਵਾਂ ਦੇ ਨਾਮ ਬਦਲਣ ਲੱਗਾ। ਇਸ ਤਰ੍ਹਾਂ ਸਮਾਨਾਰਥਕ ਸ਼ਬਦ ਹੋਂਦ ਵਿੱਚ ਆਏ। ਸਮਾਨਾਰਥਕ ਸ਼ਬਦ ਹਰ ਭਾਸ਼ਾ ਦੇ ਸ਼ਬਦ ਭੰਡਾਰ ਦਾ ਸ਼ਿੰਗਾਰ ਹੁੰਦੇ ਹਨ। ਸ਼ਬਦ ਭੰਡਾਰ ਵਿੱਚ ਵਾਧਾ ਕਰਦੇ ਹਨ। ਸਾਡੀ ਅਜੋਕੀ ਪੀੜ੍ਹੀ ਤਾਂ ਇਹਨਾਂ ਸ਼ਬਦਾਂ ਦੀ ਮਹੱਤਤਾ ਅਤੇ ਅਰਥਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ। ਇਸ ਕਰਕੇ ਸਾਡੀ ਭਾਸ਼ਾ ਦੇ ਇਹ ਹੀਰੇ ਮੋਤੀ ਹੀ ਰੁਲ਼ ਕੇ ਅੰਞਾਈਂ ਗਵਾਚ ਰਹੇ ਹਨ। ਸਮਾਨਾਰਥਕ ਸ਼ਬਦ ਮਨੁੱਖੀ ਭਾਵਾਂ ਦੀ ਤਰਜਮਾਨੀ ਕਰਦੇ ਹਨ। ਢੁਕਵੇ ਸਮੇਂ ਤੇ ਸਹੀ ਸ਼ਬਦ ਦੀ ਵਰਤੋਂ ਕਰਨ ਨਾਲ਼ ਲਿਖਤ ਅਤੇ ਬੋਲ ਪ੍ਰਭਾਵਸ਼ਾਲੀ ਹੋ ਨਿਬੜਦੇ ਹਨ। ਇਹਨਾਂ ਸਾਰਥਕ ਸ਼ਬਦਾਂ ਨੂੰ ਇਕੱਠੇ ਕਰਨ ਤੇ ਬਹੁਤ ਸਾਲ ਲੱਗ ਗਏ। ਅਜੇ ਵੀ ਬਹੁਤ ਸਾਰੇ ਸ਼ਬਦ ਰਹਿ ਗਏ ਹੋਣਗੇ। ਨਿਰੋਲ ਪੰਜਾਬੀ ਸ਼ਬਦਾਂ ਦੀ ਚੋਣ ਕਰਨਾ ਬੜਾ ਕਠਨ ਕਾਰਜ ਹੈ ਸੋ ਦੂਜੀਆਂ ਭਾਸ਼ਾਵਾਂ ਦੇ ਪ੍ਰਚਲਤ ਅਤੇ ਰਲ਼ਦੇ ਮਿਲ਼ਦੇ ਸ਼ਬਦ ਜੋ ਅਸੀਂ ਰੋਜ਼ਾਨਾ ਵਰਤੋਂ ਵਿੱਚ ਲਿਆਉਂਦੇ ਹਾਂ ਵੀ ਇਸ ਕੋਸ਼ ਵਿੱਚ ਦਿੱਤੇ ਗਏ ਹਨ। ਉਹਨਾਂ ਨੂੰ ਸਾਡੇ ਭਾਸ਼ਾ ਪਰਿਵਾਰ ਵਿੱਚ ਸਵਾਗਤ ਕਰਦੇ ਹੋਏ ਸ਼ਾਮਲ ਕਰਨਾ ਜਰੂਰੀ ਹੈ ਭਾਸ਼ਾ ਦਾ ਵਿਕਾਸ ਇਕਦਮ ਤਾਂ ਹੀ ਸੰਭਵ ਹੋ ਸਕਦਾ ਹੈ। ਭਾਸ਼ਾ ਹੀ ਉਨਤੀ ਲਈ ਇਸ ਸ਼ਬਦ ਕੋਸ਼ ਵਿੱਚ ਹੋਈਆਂ ਤਰੁਟੀਆਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਤੁਹਾਡੇ ਅਸ਼ੀਰਵਾਦ ਨਾਲ਼ ਹੀ ਅਜਿਹੇ ਕਾਰਜ ਕਰਨ ਦੀ ਪ੍ਰੇਰਨਾ ਮਿਲੇਗੀ।
- ਜਗਤਾਰ ਸਿੰਘ ਸੋਖੀ